ਉੱਘੇ ਲੇਖਕ ਤੇ ਕਵੀ ਹਰਮੀਤ ਵਿਦਿਆਰਥੀ ਦੀ ਨਜ਼ਮ- ਨ੍ਹਾਮਾ ਜ਼ਿੰਦਾਬਾਦ



 ਨ੍ਹਾਮਾ ਜ਼ਿੰਦਾਬਾਦ


ਕੁੱਲ ਆਲਮ ਵਿੱਚ ਸ਼ੋਰ ਹੈ

ਸਾਢੇ ਪੰਜ ਸਦੀਆਂ ਗ਼ੁਜ਼ਰ ਗਈਆਂ ਨੇ

ਗੁਰੂ ਬਾਬੇ ਦੇ ਅਵਤਾਰ ਨੂੰ


ਬਾਬੇ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈ

ਸਾਰੀ ਦੁਨੀਆਂ ਚ ਬਾਬੇ ਦੇ ਨਾਂ ਦਾ

ਪਰਚਮ ਫ਼ਹਿਰਾਉਣਾ ਹੈ

ਥਾਂ ਥਾਂ ਬਾਬੇ ਦਾ ਨਾਂ ਲਿਖਣਾ ਹੈ

ਥੱਲੇ ਆਪਣਾ ਵੀ ਤਾਂ ਨਾਂ ਲਿਖਵਾਉਣਾ ਹੈ


ਪਰ ਮੇਰੇ ਸ਼ਹਿਰ ਦੀ ਇੱਕ ਨੁੱਕਰੇ

ਗੰਦੀ ਵਸਤੀ ਚ ਰਹਿੰਦਾ

ਨ੍ਹਾਮਾ ਸੋਚ ਰਿਹਾ ਹੈ

ਮੇਰੇ ਕੋਲ

ਨਾ ਕੁਰਸੀ 

ਨਾ ਪੈਸਾ 

ਮੈਂ ਕਿੱਧਰ ਨੂੰ ਜਾਵਾਂ

ਕਿੱਦਾਂ ਬਾਬਾ ਤੇਰਾ ਦਿਵਸ ਮਨਾਵਾਂ


ਇੱਕ ਸਵੇਰੇ ਸੋਚ ਸੋਚ ਕੇ

ਇੱਕ ਹੱਥ ਫਾਉੜਾ 

ਦੂਜੇ ਦੇ ਵਿੱਚ ਝਾੜੂ ਲੈ ਕੇ

ਇੱਕ ਗਲੀ ਦੇ ਮੋੜ ਤੇ ਆਣ ਖਲੋਤਾ

ਫਾਉੜੇ ਨਾਲ ਗੰਦ ਹੂੰਝਦਾ

ਝਾੜੂ ਨਾਲ ਧਰਤ ਸੁੰਭਰਦਾ

ਨ੍ਹਾਮਾ ਮੁਸਕਾਈ ਜਾਂਦਾ

ਨਾਲ ਨਾਲ 

"ਕੱਤਕ ਦੀ ਪੂਰਨਮਾਸ਼ੀ ਮੇਲਾ ਨਨਕਾਣੇ ਦਾ"

ਗਾਈ ਜਾਂਦਾ


ਕਰਤਾਰਪੁਰੇ ਦੀ ਧਰਤੀ ਉੱਤੇ 

ਹਲ੍ਹ ਵਾਉਂਦਾ ਬਾਬਾ ਨਾਨਕ

ਹਲ੍ਹ ਛੱਡਦਾ

ਬੌਲਦ ਖੁਰਲੀ ਨਾਲ ਬੰਨ ਕੇ

ਹੱਥ ਸੁੱਚੇ ਕਰਦਾ ਆਖਦਾ

"ਚੱਲ ਮਰਦਾਨਿਆਂ ਚੱਲੀਏ"


ਨਨਕਾਣੇ ਤੇ ਸੁਲਤਾਨਪੁਰ ਨੂੰ ਛੱਡ ਕੇ

ਨ੍ਹਾਮੇ ਦੀ ਬਸਤੀ ਡੇਰਾ ਲਾਉਂਦਾ

ਮਰਦਾਨਾ ਰਬਾਬ ਦੇ ਸੁਰ ਛੇੜਦਾ

ਬਾਬਾ ਬਾਣੀ ਅਲਾਪਦਾ


ਬਾਬੇ ਦੇ ਚਿਹਰੇ ਦੀ ਮੁਸਕੁਰਾਹਟ

ਨ੍ਹਾਮੇ ਦੇ ਮੱਥੇ ਵਿੱਚੋਂ ਡਲਕ ਰਹੀ ਹੈ


Previous Post Next Post

نموذج الاتصال