ਗ਼ਜ਼ਲ
ਸੁਪਨੇ ਦੀ ਤਕਦੀਰ ਬਣਾਵਾਂ ਕੈਨਵਸ ਤੇ।
ਤੇਰੀ ਇਕ ਤਸਵੀਰ ਬਣਾਵਾਂ ਕੈਨਵਸ ਤੇ।
ਤੇਰੇ ਖੁੱਲ੍ਹੇ ਵਾਲਾ ਨੂੰ ਤਰਤੀਬ ਮਿਲੇ,
ਬੱਦਲਾਂ ਦੀ ਜ਼ੰਜੀਰ ਬਣਾਵਾਂ ਕੈਨਵਸ ਤੇ।
ਤੇਰੀਆਂ ਪਲਕਾਂ ਦੇ ਵਿਚ ਜਿਹੜੇ ਹੰਝੂ ਨੇ,
ਮਿਆਨ ’ਚ ਬੰਦ ਸ਼ਮਸ਼ੀਰ ਬਣਾਵਾਂ ਕੈਨਵਸ ਨੇ।
ਉਲਕਾਪਾਤ ਹਮੇਸ਼ਾ ਚੰਗੇ ਲਗਦੇ ਨੇ,
ਰੁਖ਼ਸਾਰਾਂ ਤੇ ਨੀਰ ਬਣਾਵਾਂ ਕੈਨਵਸ ਤੇ।
ਤੇਰੇ ਨਕਸ਼ਾਂ ਦੇ ਅਲੰਕਾਰ ਸੁਸ਼ੋਭਿਤ ਨੇ,
ਜਦ ਵੀ ਮੈਂ ਕਸ਼ਮੀਰ ਬਣਾਵਾਂ ਕੈਨਵਸ ਤੇ।
ਜਿਸ ਵਿਚ ਤੇਰੀਆਂ ਯਾਦਾਂ ਦਾ ਪਰਛਾਵਾਂ ਹੈ,
ਪਾਣੀ ਉਪਰ ਲਕੀਰ ਬਣਾਵਾਂ ਕੈਨਵਸ ਤੇ।
ਜਿਸ ਵਿਚ ਮੇਰਾ ਬਚਪਣ ਠਾਠ ਜਵਾਨੀ ਹੈ,
ਯਾਦਾਂ ਦੀ ਤਾਬੀਰ ਬਣਾਵਾਂ ਕੈਨਵਸ ਤੇ।
ਝੀਲ ਕਿਨਾਰੇ ਉਹ ਤਾਂ ਕੱਲਾ ਬੈਠਾ ਹੈ,
ਮਿਲਣੇਂ ਦੀ ਤਦਬੀਰ ਬਣਾਵਾਂ ਕੈਲਵਸ ਤੇ।
ਰੱਬ ਤੋਂ ਜ਼ਿਆਦਾ ਆਪਾਂ ਤੈਨੂੰ ਚਾਹਿਆ ਏ,
ਸੱਚ ਦੀ ਇੱਕ ਜ਼ਮੀਰ ਬਣਾਵਾਂ ਕੈਨਵਸ ਤੇ।
ਬਾਲਮ ਦੇ ਜੋ ਸ਼ੇਅਰ ਪਿਆਰੇ-ਪਿਆਰੇ ਨੇ,
ਮਕਤੇ ਦੇ ਆਖ਼ੀਰ ਬਣਾਵਾਂ ਕੈਨਵਸ ਤੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ