ਜਨਮ ਦਿਨ-ਕੇਵਲ ਸਿੰਘ ਨਿਰਦੋਸ਼ ਦੁਸਾਂਝ ਕੈਮਲੂਪਸ



ਜਨਮ ਦਿਨ
ਜਿਸ ਘਾਟੇ ਦਾ ਆਏ ਸਾਲ ਹੀ ,
ਜਸ਼ਨ ਮਨਾਉਂਦੇ ਰਹਿੰਦੇ ।
ਉਸ ਨੂੰ ਕੱਟ ਕੇ ਕੇਕ ਅਸੀਂ ਹਾਂ ,
ਜਨਮ ਮੁਬਾਰਕ ਕਹਿੰਦੇ ।
ਜਿਉਂ ਜਿਉਂ ਬੱਚਾ ਵੱਧਦਾ ਉਸਦੀ ,
ਅਉਧ ਹੈ ਘਟਦੀ ਜਾਂਦੀ ।
ਮਾਂ ਪੁੱਤਰ ਨੂੰ ਵੇਖ ਵੇਖ ਕੇ ,
ਫੁੱਲੀ ਨਹੀਂ ਸਮਾਂਦੀ ।
ਵਾਹ ਵਾਹ ਜਗਤ ਰਚੈਤਾ ਤੂੰ ਇਹ ,
ਕੈਸਾ ਖੇਲ੍ਹ ਰਚਾਇਆ ।
ਤੇਰਾ ਏਹੇ ਭੇਤ ਅਗੰਮੀ ,
ਸਮਝ ਜ਼ਰਾ ਨਾ ਆਇਆ ।
ਉਮਰ ਤਿਜੌਰੀ ਵਿੱਚੋਂ ਮਨਫ਼ੀ ,
ਸਾਹ ਨਿੱਤ ਹੁੰਦੇ ਜਾਵਣ ।
ਇਸ ਘਾਟੇ ਨੂੰ ਖਾਂਦੇ ਲੋਕੀਂ ,
ਖੁਸ਼ੀਆਂ ਪਏ ਮਨਾਵਣ ।
ਜਿਉਂ ਪੱਤਣਾਂ ਤੋਂ ਲੰਘੇ ਪਾਣੀ ,
ਕਦੇ ਨਾ ਆਉਂਦੇ ਮੁੜਕੇ ।
ਬੇੜੀ ਪੂਰ ਤ੍ਰਿੰਜਣੀ ਕੁੜੀਆਂ ,
ਮਿਲਣ ਸਬੱਬੀਂ ਜੁੜਕੇ ।
ਬੈਠ ਕਿਸੇ ਨਹੀਂ ਰਹਿਣਾ ਇਹ ਹੈ ,
ਜਗਤ ਮੁਸਾਫ਼ਿਰ ਖਾਨਾ ।
ਆ ਗਏ ਸੱਦੜੇ ਜਾਣਾ ਪੈਣਾ ,
ਚਲਣਾ ਨਹੀਂ ਬਹਾਨਾ ।
ਕਰ ਨਿਰਦੋਸ਼ ਸਮੇ ਨੂੰ ਸਫ਼ਲਾ ,
ਕੰਮ ਨੇਕੀ ਦੇ ਕਰਕੇ ।
ਅਮਰ ਰਹੇਂਗਾ ਵਿੱਚ ਦਿਲਾਂ ਦੇ ,
ਨਹੀਂ ਮਰੇਂਗਾ ਮਰਕੇ ।
ਕੇਵਲ ਸਿੰਘ ਨਿਰਦੋਸ਼ ਦੁਸਾਂਝ ਕੈਮਲੂਪਸ
Previous Post Next Post

نموذج الاتصال