19 JUNE 2024 (Montreal) : ਸੁਰਜੀਤ ਪਾਹਵਾ ਦੇ ਕਾਵਿ ਤੇ ਵਾਰਤਕ ਸੰਗ੍ਰਹਿ ਦਾ ਲੋਕ ਅਰਪਣ 19 ਜੂਨ 2024 ਦੀ ਸ਼ਾਮ ਨੂੰ ਮੋਂਟਰੀਅਲ ਵਿਖੇ ਪ੍ਰਸਿੱਧ ਕਵੀ ਤੇ ਲੇਖਕ ਨਵਤੇਜ ਭਾਰਤੀ ਜੀ ਦੁਆਰਾ ਕੀਤਾ ਗਿਆ । ਇਸ ਮੌਕੇ ਤੇ ਅਜਮੇਰ ਰੋਡੇ, ਗੁਰਦੇਵ ਚੌਹਾਨ ਤੇ ਪੰਜਾਬੀ ਕਲਮ ਕੇਂਦਰ ਦੇ ਸਾਰੇ ਕਵੀ ਮੌਜੂਦ ਸਨ ।
ਨਵਤੇਜ ਭਾਰਤੀ ਨੇ ਉਹਨਾਂ ਦੇ ਕਾਵਿ ਤੇ ਵਾਰਤਕ ਸੰਗ੍ਰਹਿ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕੀਤੇ-
ਸੁਰਜੀਤ ਪਾਹਵਾ ਨੂੰ ਪੜ੍ਹਦਿਆਂ ਲਗਦਾ ਹੈ ਕਵਿਤਾ ਜਿੱਥੇ ਵਾਪਰਦੀ ਹੈ ਸੋ ਥਾਨ ਸੁਹਾਵਾ ਹੋ ਜਾਂਦਾ ਹੈ। ਘਰ ਬਣ ਜਾਂਦਾ ਹੈ। ਇਸਦੇ ਪਰਦੇ ਲਾਉਂਦਿਆਂ ਕਵੀ ਰਬ ਬਣ ਜਾਂਦਾ ਹੈ ਜੋ ਉਹਦੇ ਵਾਙੂੰ ਹੋਣ ਦੇ ਤਮਾਸ਼ੇ ਨੂੰ ਦੇਖਦਾ ਹੈ ਪਰ ਆਪ ਕਿਸੇ ਨੂੰ ਦਿਸਦਾ ਨਹੀਂ। ਸ੍ਰਿਸ਼ਟੀ ਵਾਂਗ ਇਸ ਕਾਵਿ ਵਿਚ ਕੁਝ ਵੀ ਵਰਜਿਤ ਨਹੀਂ: ਲਤੀਫੇ, ਹਾਸਾ ਠੱਠਾ, ਰੋਸਾ ਗੁੱਸਾ ਕਾਵਿਕ ਅਣਕਾਵਿਕ।
ਇਹੋ ਜਿਹੀ ਖੁੱਲ੍ਹ ਲੈਣੀ ਨਿਰਭਓ ਕਵੀ ਦਾ ਕੰਮ ਹੈ। ਤੇ ਉਸ ਕਵੀ ਦਾ ਜਿਸਦੇ ਕੋਲੋਂ ਕਵਿਤਾ ਇਹੋ ਜਿਹੀਆਂ ਪੰਕਤੀਆਂ ਲਿਖਵਾ ਲੈਂਦੀ ਹੈ:
"ਅੰਨ੍ਹੇ ਨੂੰ ਰੱਬ ਉਹਦੀ ਡੰਗੋਰੀ ਜਿੰਨਾ ਦਿਸਦਾ ਹੈ "
"ਕੋਰੇ ਕਾਗਜ਼ ਤੇ ਕਾਲੇ ਹਰਫ਼ ਦੇ ਨਾਲ
ਫੈਲਿਆ ਕੋਸਾ ਤਿਪਕਾ"
"ਮੇਰੀ ਪਿਆਸੀ ਧਰਤੀ ਦਾ
ਦਰਿਆ ਕਿੱਥੇ ਹੈ"
-ਨਵਤੇਜ ਭਾਰਤੀ
ਕੁਝ ਹਫ਼ਤੇ ਪਹਿਲਾਂ ਸਵਰਗੀ ਸੁਰਜੀਤ ਪਾਤਰ ਹੋਰਾਂ ਵੀ ਉਹਨਾਂ ਦੀ ਪੁਸਤਕ ਬਾਰੇ ਇਹ ਗੱਲਾਂ ਕਹੀਆਂ ਸਨ ਜੋ ਕਿ ਪੂਰੀ ਤਰ੍ਹਾਂ ਢੁਕਦੀਆਂ ਹਨ -
ਪਾਠਕ ਵੀ ਜਦੋਂ ਸੁਰਜੀਤ ਸਿੰਘ ਪਾਹਵਾ ਦੇ ਕਾਵਿ ਸੰਸਾਰ ਵਿਚੋਂ ਲੰਘਦਾ ਹੈ ਰਾਹ ਵਿਚ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼, ਸਟੇਸ਼ਨ, ਪੁੱਲ ਆਉਂਦੇ ਹਨ।
ਕਿਤੇ ਪਾਠਕ ਦੇ ਰਾਹ ਵਿਚ ਗਹਿਰ ਗੰਭੀਰ ਸੋਚਾਂ ਵਾਲੀਆਂ ਸੁਰੰਗਾਂ ਆ ਜਾਂਦੀਆਂ ਹਨ ਕਿਤੇ ਹਾਸਿਆਂ ਦੇ ਮਸਤ ਟਿੱਲੇ। ਪਰਮਾਤਮ ਦੀ ਮੌਜ ਵਾਂਗ ਇਹ ਕਵੀ ਦੀ ਮੌਜ ਹੈ।
ਇਸ ਵਾਕ ਨਾਲ ਹੀ ਮੈਂ ਆਪਣੇ ਆਲੇਖ ਦਾ ਅੰਤ ਕਰਦਾ ਹਾਂ ਤੇ ਤੁਹਾਨੂੰ ਯਕੀਨ ਦੁਆਉਂਦਾ ਹਾਂ ਕਿ ਇਸ ਕਵੀ ਦੇ ਕਾਵਿ ਸੰਸਾਰ ਵਿਚੋਂ ਲੰਘਦਿਆਂ ਤੁਹਾਡੀ ਨਜ਼ਰ ਅਨੇਕ ਅਣਦੇਖੇ ਮੰਜ਼ਰ ਦੇਖੇਗੀ। ਤੁਹਾਡਾ ਸਫ਼ਰ ਬਹੁਤ ਸਾਰਥਕ, ਦਿਲਚਸਪ ਤੇ ਯਾਦਗਾਰੀ ਹੋਵੇਗਾ।
-ਸੁਰਜੀਤ ਪਾਤਰ